Poem on Birds in Punjabi

 

Poem on Birds in Punjabi

ਅੰਬਰ ਵਿਚ ਉਡਦੇ ਪੰਛੀ, ਲਗਦੇ ਬੜੇ ਪਿਆਰੇ। 

ਰੰਗ-ਬਿਰੰਗੇ, ਭਾਂਤ-ਸੁਭਾਂਤੇ ਕੁਦਰਤ ਖ਼ੂਬ ਸ਼ਿੰਗਾਰੇ।

ਚਿੜੀਆਂ ਗਟਾਰਾਂ ਔਹ ਉਡਦੀ ਆਉਂਦੀ। 

ਡਾਰ ਤੋਤਿਆਂ ਦੀ ਇਕ ਪਿੱਛੇ, ਗੀਤ ਸਾਝਾਂ ਦੇ ਗਾਉਂਦੀ।

ਕਬੂਤਰਾਂ ਜੋੜਾ ਸ਼ਾਮ ਗੁਟਰ-ਗੂ, ਗੁਟਰ-ਗੂੰ ਕਰਦਾ, ਬੜਾ ਹੀ ਮਨ ਨੂੰ ਭਾਵੇ।

ਕੁਝ ਕੋਇਲ ਆਪਣੀ ਮਿੱਠੀ ਸੁਰ ਵਿਚ ਬੋਲੇ ਆਪਣੀ ਬੋਲੀ। 

ਬੋਲਾਂ ਵਿਚ ਜਾਪੇ ਉਸਦੇ ਜੀਕਣ ਮਿਸ਼ਰੀ ਘੋਲੀ।

ਬਾਲ ਕਵਿਤਾ

ਘੁੰਗ -ਘੂ ਕਰਦੀ, ਘੁੱਗੀ ਸੋਹਣੀ ਲੱਗਦੀ। 

ਸ਼ਾਂਤ ਸੁਭਾਅ, ਠਰੰਮਾ ਡਾਹਢਾ, ਚੋਗਾ ਫਿਰਦੀ ਲੱਭਦੀ।

ਕਾਂ ਦੇ ਵਿਚ ਹੈ ਕਾਹਲ ਅੱਤ ਦੀ, ਫਿਰੋ ਫੌਰੀਆਂ ਪਾਉਂਦਾ।

 ਪਤਾ ਨਾ ਲੱਗੇ ਔਖ ਬਚਾਕੇ, ਆਪਣੀ ਝਪਟ ਚਲਾਉਂਦਾ।

ਬਿਜੜੇ ਨੂੰ ਕਾਰੀਗਰ ਕਹਿੰਦੇ, ਆਲ੍ਹਣਾ ਇੰਝ ਬਣਾਵੇ। 

ਟਾਹਣੀ ਤੋਂ ਥੱਲੇ ਨਾ ਡਿੱਗੇ, ਭਾਵੇਂ ਝੱਖੜ ਆਵੇ।

ਮੋਰ ਜਾਪੇ ਸਾਰਿਆਂ ਤੋਂ ਸੋਹਣਾ, ਪੈਲਾਂ ਫਿਰਦਾ ਪਾਉਂਦਾ।

 ਉਸ ਦਾਤੇ ਦੀ ਕੁਦਰਤ ਅੱਗੇ, ਸਿਰ ਸਭਨਾਂ ਦਾ ਨਿਆਉਂਦਾ।

ਆਓ, ਸਾਰੇ ਪੰਛੀਆਂ ਦੇ ਨਾਲ, ਸਾਂਝਾਂ ਖ਼ੂਬ ਬਣਾਈਏ। 

ਰੁੱਖ ਇਨ੍ਹਾਂ ਲਈ ਰੈਣ ਬਸੇਰੇ ਵੱਧ ਤੋਂ ਵੱਧ ਲਗਾਈਏ।