Poem on India in Punjabi

Poem on India in Punjabi 

ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!
ਸਭ ਦੇਸਾਂ, ਪਰਦੇਸਾਂ ਦੇ ਵਿੱਚ, ਉੱਚੀ ਇਸ ਦੀ ਸ਼ਾਨ।
ਉੱਚੇ ਪਰਬਤ ਬਰਫ਼ਾਂ ਲੱਦੇ, ਖੜ੍ਹੇ ਜਿਉਂ ਬੰਨ੍ਹ ਕੇ ਢਾਣੀ।

ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ, ਚਾਂਦੀ ਰੰਗਾ ਪਾਣੀ।
ਇਸ ਦੀਆਂ ਨਦੀਆਂ ਇਸ ਦੇ ਜੰਗਲ, ਹਰੇ-ਭਰੇ ਮੈਦਾਨ।
ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!

ਇਸ ਦੀ ਮਿੱਟੀ ਵਿੱਚ ਉੱਗਦੇ ਨੇ, ਮੋਤੀਆਂ ਵਰਗੇ ਦਾਣੇ।
ਇਹ ਮਿੱਟੀ ਤਾਂ ਮਾਂ ਹੁੰਦੀ ਹੈ, ਆਖਣ ਲੋਕ ਸਿਆਣੇ।
ਇਸ ਮਿੱਟੀ ਨੂੰ ਸੀਸ ਨਿਵਾਈਏ, ਇਹ ਮਿੱਟੀ ਵਰਦਾਨ।
ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!

ਇੱਕ ਬਾਗ਼ ਵਿੱਚ ਅਸੀਂ ਹਾਂ ਉੱਗੇ, ਬੂਟੇ ਕਈ ਤਰਾਂ ਦੇ।
ਪਰ ਆਪਸ ਵਿੱਚ ਘੁਲੇ-ਮਿਲੇ ਹਾਂ, ਪਾਣੀ ਜਿਵੇਂ ਸਰਾਂ ਦੇ।
ਹਰ ਇੱਕ ਨਵੀਂ ਸਵੇਰ ਵੰਡੀਏ, ਫੁੱਲਾਂ ਜਿਹੀ ਮੁਸਕਾਨ।
ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!

ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਇਸ ਦੀ ਸ਼ਾਨ ਵਧਾਈ।
 ਇਸ ਦੇ ਜੋਧਿਆਂ ਨੇ ਜੱਗ ਉੱਤੇ, ਆਪਣੀ ਧਾਂਕ ਜਮਾਈ।
ਇੱਥੋਂ ਦੀ ਵਿੱਦਿਆ ਨੂੰ ਵੀਰੋ ! ਮੰਨਦਾ ਕੁੱਲ ਜਹਾਨ।
ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!

ਇਸ ਦੇ ਹਾਲੀ, ਇਸ ਦੇ ਪਾਲੀ, ਕਾਮੇ ਤੇ ਮਜ਼ਦੂਰ।
ਹੱਕ, ਸੱਚ ਦੀ ਕਰਨ ਕਮਾਈ, ਰਹਿਣ ਕੂੜ ਤੋਂ ਦੂਰ।
ਇਸ ਦਾ ਹਰ ਇੱਕ ਗੱਭਰੂ ਬਾਂਕਾ, ਹਰ ਮੁਟਿਆਰ ਰਕਾਨ।
ਮੇਰਾ ਹਿੰਦੁਸਤਾਨ ! ਮੇਰਾ ਹਿੰਦੁਸਤਾਨ !!